ਗ਼ੁਲਾਮੀ ਸਰਾਪ ਹੈ ਤੇ ਆਜ਼ਾਦੀ ਵਰਦਾਨ। ਆਜ਼ਾਦੀ ਦੀ ਕੀਮਤ ਗ਼ੁਲਾਮ ਵਿਅਕਤੀ ਹੀ ਦੱਸ ਸਕਦਾ ਹੈ। ਪਿੰਜਰੇ ਪਿਆ ਪੰਛੀ ਹੀ ਖੁੱਲ੍ਹੇ ਅੰਬਰ ’ਚ ਲਾਉਣ ਵਾਲੀਆਂ ਉਡਾਰੀਆਂ ਦੀ ਕੀਮਤ ਦੱਸ ਸਕਦਾ ਹੈ। ਸਾਡੇ ਪੁਰਖਿਆਂ ਨੇ ਗ਼ੁਲਾਮੀ ਦਾ ਸਰਾਪ ਆਪਣੇ ਸੀਨੇ ’ਤੇ ਹੰਢਾਇਆ ਹੈ। ਅਧਿਕਾਰਾਂ ਤੋਂ ਸੱਖਣੀ ਜ਼ਿੰਦਗੀ ਜਿਊਣ ਦਾ ਦਰਦ ਉਨ੍ਹਾਂ ਪਿੰਡੇ ’ਤੇ ਝੱਲਿਆ ਹੈ। ਰੰਗ ਤੇ ਨਸਲ ਦੇ ਆਧਾਰ ਉੱਤੇ ਭਾਰਤੀਆਂ ਨੂੰ ਬਹੁਤ ਸਾਰੇ ਭੇਦ-ਭਾਵ ਸਹਿਣ ਕਰਨੇ ਪਏ। ਉੱਚ ਪ੍ਰਸ਼ਾਸਨਿਕ ਅਹੁਦੇ ਸਿਰਫ਼ ਅੰਗਰੇਜ਼ਾਂ ਲਈ ਸਨ। ਭਾਰਤੀ ਲੋਕ ਸਿਰਫ਼ ਨੌਕਰ ਬਣ ਸਕਦੇ ਸਨ। ਅਫ਼ਸਰ ਬਣਨ ਦਾ ਭਾਰਤੀਆਂ ਨੂੰ ਕੋਈ ਅਧਿਕਾਰ ਨਹੀਂ ਸੀ। ਫ਼ੌਜ ਵਿਚ ਵੀ ਭਾਰਤੀਆਂ ਨਾਲ ਵਿਤਕਰਾ ਕੀਤਾ ਜਾਂਦਾ ਸੀ।
ਸੰਘਰਸ਼ ਦੀ ਸ਼ੁਰੂਆਤ
ਮੁਗਲ ਤੇ ਅੰਗਰੇਜ਼ ਹਕੂਮਤ ਦੀ ਲੰਬੀ ਗ਼ੁਲਾਮੀ ਹੰਢਾਉਣ ਉਪਰੰਤ ਸਾਡਾ ਮੁਲਕ 15 ਅਗਸਤ 1947 ਨੂੰ ਆਜ਼ਾਦ ਹੋ ਗਿਆ ਸੀ। ਬੇਸ਼ੱਕ 1857 ਨੂੰ ਆਜ਼ਾਦੀ ਦੇ ਸੰਘਰਸ਼ ਦਾ ਸ਼ੁਰੂਆਤੀ ਵਰ੍ਹਾ ਮੰਨਿਆ ਜਾਂਦਾ ਹੈ ਪਰ ਅਸਲ ਵਿਚ ਪੰਜਾਬੀਆਂ ਖ਼ਾਸ ਕਰਕੇ ਸਿੱਖਾਂ ਨੇ ਅੰਗਰੇਜ਼ ਹਕੂਮਤ ਤੋਂ ਆਜ਼ਾਦੀ ਦਾ ਬਿਗੁਲ ਬਹੁਤ ਸਮਾਂ ਪਹਿਲਾਂ ਹੀ ਵਜਾ ਦਿੱਤਾ ਸੀ। ਮਹਾਰਾਜਾ ਰਣਜੀਤ ਸਿੰਘ ਦੀ ਮੌਤ ਉਪਰੰਤ ਜਦੋਂ ਅੰਗਰੇਜ਼ ਹਕੂਮਤ ਨੇ ਸਿੱਖ ਰਾਜ ਵਿਚ ਦਖ਼ਲ-ਅੰਦਾਜ਼ੀ ਕਰਨ ਦੀ ਕੋਸ਼ਿਸ ਕੀਤੀ ਤਾਂ ਸਿੱਖ ਕੌਮ ਨੇ ਉਸ ਸਮੇਂ ਹੀ ਅੰਗਰੇਜ਼ ਹਕੂਮਤ ਖ਼ਿਲਾਫ਼ ਆਵਾਜ਼ ਬੁਲੰਦ ਕਰ ਦਿੱਤੀ ਸੀ ਪਰ ਬਾਕੀ ਰਾਜਾਂ ਵੱਲੋਂ ਸਾਥ ਨਾ ਮਿਲਣ ਕਰਕੇ ਉਹ ਸੰਘਰਸ਼ ਸਹੀ ਦਿਸ਼ਾ ਵੱਲ ਅੱਗੇ ਨਾ ਵਧ ਸਕਿਆ। ਅਖ਼ੀਰ 1857 ਨੂੰ ਸਮੂਹ ਭਾਰਤੀਆਂ ਨੇ ਆਜ਼ਾਦੀ ਲਈ ਅੰਗੜਿਆਈ ਲਈ ਤੇ ਜ਼ਬਰਦਸਤ ਸੰਘਰਸ਼ ਦੀ ਸ਼ੁਰੂਆਤ ਕੀਤੀ। ਇਸ ਸੰਘਰਸ਼ ਵਿਚ ਵੀ ਪੰਜਾਬੀਆਂ ਖ਼ਸ ਕਰਕੇ ਸਿੱਖਾਂ ਨੇ ਆਬਾਦੀ ਫ਼ੀਸਦੀ ਦੇ ਹਿਸਾਬ ਨਾਲ ਸਭ ਕੌਮਾਂ ਤੋਂ ਜ਼ਿਆਦਾ ਯੋਗਦਾਨ ਪਾਇਆ।
ਆਜ਼ਾਦੀ ’ਚ ਪੰਜਾਬੀਆਂ ਦਾ ਯੋਗਦਾਨ
ਇਕ ਰਿਪੋਰਟ ਅਨੁਸਾਰ ਅੰਗਰੇਜ਼ ਹਕੂਮਤ ਵੱਲੋਂ 121 ਆਜ਼ਾਦੀ ਘੁਲਾਟੀਆਂ ਨੂੰ ਫ਼ਾਂਸੀ ਦੀ ਸਜ਼ਾ ਦਿੱਤੀ ਗਈ, ਜਿਸ ਵਿੱਚੋਂ 93 ਪੰਜਾਬੀ ਸਿੱਖ ਸਨ। ਅੰਗਰੇਜ਼ਾਂ ਨੇ 2646 ਭਾਰਤੀਆਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਤੇ ਇਨ੍ਹਾਂ ਵਿੱਚੋਂ 2147 ਪੰਜਾਬੀ ਸਿੱਖ ਸਨ। ਜਲ੍ਹਿਆਂਵਾਲਾ ਬਾਗ ਦੀ ਘਟਨਾ ਦੌਰਾਨ ਤਕਰੀਬਨ 1300 ਲੋਕਾਂ ਦੀ ਮੌਤ ਹੋਈ, ਜਿਸ ਵਿੱਚੋਂ 800 ਪੰਜਾਬੀ ਸਿੱਖ ਸਨ। ਰਿਪੋਰਟਾਂ ਅਨੁਸਾਰ ਪੰਜਾਬੀ ਸਿੱਖਾਂ ਦਾ ਆਜ਼ਾਦੀ ਦੇ ਸੰਘਰਸ਼ ਵਿੱਚ ਵਿਲੱਖਣ ਯੋਗਦਾਨ ਰਿਹਾ ਹੈ।
ਪੁਰਖਿਆਂ ਵੱਲੋਂ ਬਹੁਤ ਸਾਰੀਆਂ ਦੁੱਖ-ਤਕਲੀਫ਼ਾਂ ਝੱਲ ਕੇ ਪ੍ਰਾਪਤ ਕੀਤੀ ਆਜ਼ਾਦੀ ਦਾ ਲੁਤਫ਼ ਅੱਜ ਅਸੀਂ ਉਠਾ ਰਹੇ ਹਾਂ ਪਰ ਸਾਡੇ ਸਭ ਲਈ ਇਕ ਸਵਾਲ ਅਜੇ ਵੀ ਬਰਕਰਾਰ ਹੈ। ਕੀ ਆਜ਼ਾਦੀ ਉਪਰੰਤ ਅਸੀਂ ਸ਼ਹੀਦਾਂ ਦੀ ਸੋਚ ਵਾਲੇ ਸਮਾਜ ਦੀ ਸਿਰਜਣਾ ਕਰ ਸਕੇ ਹਾਂ? ਕੀ ਸਾਡਾ ਅੱਜ ਦਾ ਸਮਾਜ ਸ਼ਹੀਦਾਂ ਦੇ ਸੁਪਨਿਆਂ ਵਾਲੇ ਸਮਾਜ ਨਾਲ ਮੇਲ ਖਾਦਾ ਹੈ? ਅਸਲ ’ਚ ਸ਼ਹੀਦਾਂ ਵੱਲੋਂ ਵੇਖੇ ਸਮਾਜ ਦੀ ਤਸਵੀਰ ਬਦਲਣ ਵਾਲਾ ਸੁਪਨਾ ਅਜੇ ਵੀ ਅਧੂਰਾ ਹੈ।
ਜ਼ੁਲਮਾਂ ਦੀ ਦਾਸਤਾਨ ਹੈ ਜਾਰੀ
ਅੱਜ ਵੀ ਸਾਡੇ ਸਮਾਜ ’ਚ ਜਾਤ, ਧਰਮ ਤੇ ਹੋਰ ਵਖਰੇਵਿਆਂ ਦਾ ਬੋਲਬਾਲਾ ਹੈ। ਸੰਵਿਧਾਨਕ ਵਿਵਸਥਾ ਦੇ ਬਾਵਜੂਦ ਵਧੀਕੀਆਂ ਤੇ ਜ਼ੁਲਮਾਂ ਦੀ ਦਾਸਤਾਨ ਜਾਰੀ ਹੈ। ਅੱਜ ਵੀ ਆਮ ਲੋਕ ਗ਼ੁਲਾਮਾਂ ਵਰਗੀ ਜ਼ਿੰਦਗੀ ਬਤੀਤ ਕਰ ਰਹੇ ਹਨ। ਔਰਤਾਂ ’ਤੇ ਅੱਤਿਆਚਾਰਾਂ ਦੀਆਂ ਦਾਸਤਾਨਾਂ ਦਿਲ ਕੰਬਾ ਰਹੀਆਂ ਹਨ ਤੇ ਹੱਕ ਖੋਹੇ ਜਾ ਰਹੇ ਹਨ। ਬੇਖੌਫ਼ ਵਾਪਰਦੀਆਂ ਜਬਰ-ਜਿਨਾਹ ਦੀਆਂ ਘਟਨਾਵਾਂ ਨੇ ਸਮਾਜ ਨੂੰ ਸ਼ਰਮਸਾਰ ਕੀਤਾ ਹੋਇਆ ਹੈ। ਚਿੱਟੇ ਦਿਨ ਬੱਚੇ ਅਗਵਾ ਹੋ ਰਹੇ ਹਨ। ਨਸ਼ਿਆਂ ਨੇ ਜਵਾਨੀ ਨੂੰ ਘੁਣ ਵਾਂਗ ਖਾ ਲਿਆ ਹੈ। ਆਮ ਲੋਕਾਂ ਨੂੰ ਉਨ੍ਹਾਂ ਦੇ ਬਣਦੇ ਹੱਕ ਨਹੀਂ ਮਿਲ ਰਹੇ।
ਸੁਤੰਤਰ ਹੋਵੇ ਬਚਪਨ
ਭਾਰਤੀ ਸੰਵਿਧਾਨ ਨੇ ਭਾਰਤ ਵਾਸੀਆਂ ਨੂੰ ਸਿੱਖਿਆ ਪ੍ਰਦਾਨ ਕਰਨ ਦਾ ਅਧਿਕਾਰ ਦੇ ਕੇ ਉਨ੍ਹਾਂ ਨੂੰ ਵਿਸ਼ਵ ਨਾਗਰਿਕ ਬਣਨ ਦਾ ਬਰਾਬਰ ਮੌਕਾ ਪ੍ਰਦਾਨ ਕੀਤਾ ਹੈ। ਰਾਈਟ ਟੂ ਐਜੂਕੇਸ਼ਨ ਐਕਟ ਰਾਹੀਂ ਸਾਰੇ ਬੱਚਿਆਂ ਲਈ ਮੁੱਢਲੀ ਪੜ੍ਹਾਈ ਮੁਫ਼ਤ ਤੇ ਲਾਜ਼ਮੀ ਕਰਾਰ ਦਿੱਤੀ ਗਈ ਹੈ। ਸਰਕਾਰੀ ਸਕੂਲਾਂ ਵਿਚ ਇਸ ਐਕਟ ਨੇ ਬੱਚਿਆਂ ਦੀ ਮਿਆਰੀ ਸਿੱਖਿਆ ਦੇ ਸ਼ਲਾਘਾਯੋਗ ਤੇ ਸ਼ਾਨਦਾਰ ਮੀਲ ਪੱਥਰ ਸਿਰਜੇ ਹਨ। ਬੱਚਿਆਂ ਦੀਆਂ ਸਿੱਧੇ-ਅਸਿੱਧੇ ਤੌਰ ’ਤੇ ਸਰੀਰਕ, ਮਾਨਸਿਕ ਤੇ ਆਰਥਿਕ ਸ਼ੋਸ਼ਣ ਕਰਨ ਵਾਲੀਆਂ ਕਈ ਘਟਨਾਵਾਂ ਨਿੱਤ ਦਿਨ ਸਾਹਮਣੇ ਆਉਂਦੀਆਂ ਹਨ, ਜਿਨ੍ਹਾਂ ਵਿਰੁੱਧ ਜਾਗਰੂਕ ਹੋ ਕੇ ਠੋਸ ਕਦਮ ਚੁੱਕਣਾ ਸਮੇਂ ਦੀ ਮੁੱਖ ਲੋੜ ਹੈ।
ਸ਼ਹੀਦਾਂ ਨੂੰ ਸੱਚੀ ਸ਼ਰਧਾਂਜਲੀ
ਸਮਾਜ ਵਿਚ ਸਮਾਨਤਾ ਤੇ ਵਖਰੇਵਿਆਂ ਨੂੰ ਦੂਰ ਕਰ ਕੇ ਸਭ ਨੂੰ ਬਰਾਬਰ ਦੇ ਹੱਕ ਦੇਣ ਵਾਲਾ ਸਮਾਜ ਤੇ ਸ਼ਾਸਨ ਕਾਇਮ ਕਰਨਾ ਸਾਡਾ ਸਭ ਦਾ ਫ਼ਰਜ਼ ਹੈ। ਮੁੱਕਦੀ ਗੱਲ ਸ਼ਹੀਦਾਂ ਨੇ ਵਿਦੇਸ਼ੀ ਸ਼ਾਸਕਾਂ ਤੋਂ ਮੁਕਤੀ ਦਿਵਾ ਕੇ ਬਿਹਤਰ ਸਮਾਜ ਦੀ ਸਿਰਜਣਾ ਦਾ ਜ਼ਿੰਮਾ ਸਾਨੂੰ ਦੇ ਦਿੱਤਾ ਸੀ ਤੇ ਅਸੀਂ ਆਜ਼ਾਦੀ ਦੇ ਸਤੱਤਰ ਵਰ੍ਹਿਆਂ ਬਾਅਦ ਵੀ ਆਪਣੀ ਜ਼ਿੰਮੇਵਾਰੀ ਨਿਭਾਉਣ ਵਿਚ ਬੁਰ੍ਹੀ ਤਰ੍ਹਾਂ ਅਸਫਲ ਸਿੱਧ ਹੋਏ ਹਾਂ। ਸਮਾਜ ਵਿਚਲੀਆਂ ਅਲਾਮਤਾਂ ਤੇ ਦਰਪੇਸ਼ ਚੁਣੌਤੀਆਂ ਤੋਂ ਆਜ਼ਾਦੀ ਲਈ ਸਾਡਾ ਸੰਘਰਸ਼ ਅਜੇ ਵੀ ਜਾਰੀ ਹੈ। ਪੱਖਪਾਤ ਤੋਂ ਕੋਹਾਂ ਦੂਰ, ਸ਼ਾਂਤੀ ਭਰਪੂਰ ਤੇ ਸਮਾਨਤਾ ਵਾਲੇ ਸਮਾਜ ਦੀ ਸਿਰਜਣਾ ਹੀ ਆਜ਼ਾਦੀ ਦੇ ਸ਼ਹੀਦਾਂ ਨੂੰ ਸੱਚੀ ਸ਼ਰਧਾਂਜਲੀ ਹੈ।