ਵਿਸ਼ਵ ਭਰ ਵਿਚ ਕ੍ਰਿਸਮਸ ਦਾ ਤਿਉਹਾਰ ਬੜੀ ਧੂਮ-ਧਾਮ ਨਾਲ ਮਨਾਇਆ ਜਾ ਰਿਹਾ ਹੈ। ਇਸ ਦਿਨ ਈਸਾ ਮਸੀਹ ਦਾ ਜਨਮ ਹੋਇਆ ਸੀ। ਉਨ੍ਹਾਂ ਦਾ ਮੂਲ ਸੰਦੇਸ਼, ਪਿਆਰ-ਮੁਹੱਬਤ ਦਾ ਪੈਗ਼ਾਮ ਸੀ। ਉਨ੍ਹਾਂ ਦੀਆਂ ਇਨ੍ਹਾਂ ਸਿੱਖਿਆਵਾਂ ਦੇ ਆਧਾਰ ’ਤੇ ਹੀ ਈਸਾਈ ਧਰਮ ਦੀ ਸ਼ੁਰੂਆਤ ਹੋਈ ਸੀ। ਈਸਾ ਨੇ ਆਪਣੇ ਸ਼ਿਸ਼ਾਂ ਨੂੰ ਜੋ ਮਹਾਨ ਸੰਦੇਸ਼ ਦਿੱਤਾ, ਉਸ ਨੂੰ ਦੋ ਆਗਿਆਵਾਂ ਵਿਚ ਸਮੇਟ ਸਕਦੇ ਹਾਂ। ਪਹਿਲਾ, ਤੁਸੀਂ ਆਪਣੇ ਪ੍ਰਭੂ ਨੂੰ ਪੂਰਨ ਹਿਰਦੇ, ਪੂਰਨ ਆਤਮਾ ਅਤੇ ਪੂਰੇ ਮਨ ਨਾਲ ਪਿਆਰ ਕਰੋ। ਦੂਜਾ, ਆਪਣੇ ਗੁਆਂਢੀ ਨਾਲ ਉਸੇ ਤਰ੍ਹਾਂ ਹੀ ਪਿਆਰ ਕਰੋ ਜਿਵੇਂ ਅਸੀਂ ਖ਼ੁਦ ਨਾਲ ਕਰਦੇ ਹਾਂ। ਅੱਜ ਦੇ ਦਿਨ ਖ਼ੁਸ਼ੀਆਂ ਦੇ ਇਸ ਤਿਉਹਾਰ ’ਤੇ ਲੋਕ ਇਕ-ਦੂਜੇ ਨਾਲ ਮਿਲਦੇ-ਗਿਲਦੇ ਹਨ ਅਤੇ ਸ਼ੁਭਕਾਮਨਾਵਾਂ ਦਿੰਦੇ ਹਨ ਜਿਸ ਨਾਲ ਸਾਰਾ ਮਾਹੌਲ ਪ੍ਰੇਮ ਨਾਲ ਭਰਪੂਰ ਹੋ ਜਾਂਦਾ ਹੈ। ਜਦ ਅਸੀਂ ਦੂਜਿਆਂ ਨੂੰ ਪ੍ਰੇਮ ਕਰਦੇ ਹਾਂ ਤਾਂ ਸੁਭਾਵਿਕ ਤੌਰ ’ਤੇ ਅਸੀਂ ਵਾਪਸੀ ਵਿਚ ਪ੍ਰੇਮ ਹੀ ਹਾਸਲ ਕਰਦੇ ਹਾਂ।
ਜੇ ਅਸੀਂ ਸਾਰੇ ਇਕ-ਦੂਜੇ ਨੂੰ ਪ੍ਰੇਮ ਵੰਡਾਂਗੇ ਤਾਂ ਉਸ ਦਾ ਅਸਰ ਇਹ ਹੋਵੇਗਾ ਕਿ ਇਹ ਸੰਸਾਰ ਇਕ ਸਨੇਹਮਈ ਸਥਾਨ ਬਣ ਜਾਵੇਗਾ। ਜੇ ਅਸੀਂ ਹੋਰਾਂ ਨੂੰ ਪ੍ਰੇਮ ਦਿੰਦੇ ਹਾਂ ਤਾਂ ਅੰਤ ਵਿਚ ਅਸੀਂ ਵੀ ਜ਼ਿਆਦਾ ਪ੍ਰੇਮ ਹਾਸਲ ਕਰਦੇ ਹਾਂ। ਇਸ ਦਾ ਕਾਰਨ ਇਹ ਹੈ ਕਿ ਪ੍ਰੇਮ ਇਕ ਅਜਿਹਾ ਗੁਣ ਹੈ ਜੋ ਨਾ ਸਿਰਫ਼ ਨਫ਼ਰਤ, ਹਿੰਸਾ, ਸਵਾਰਥ, ਲੋਭ ਅਤੇ ਕਰੋਧ ਨੂੰ ਖ਼ਤਮ ਕਰਦਾ ਹੈ ਬਲਕਿ ਇਸ ਨਾਲ ਸਾਡੇ ਅੰਦਰ ਦੇ ਸਾਰੇ ਨਾਂਹ-ਪੱਖੀ ਵਿਕਾਰ ਵੀ ਨਸ਼ਟ ਹੋ ਜਾਂਦੇ ਹਨ। ਜਿਨ੍ਹਾਂ ਨੇ ਪ੍ਰੇਮ ਦਾ ਅਨੁਭਵ ਨਹੀਂ ਕੀਤਾ ਹੁੰਦਾ, ਉਸ ਨੂੰ ਪਾ ਕੇ ਉਹ ਖ਼ੁਸ਼ੀ ਨਾਲ ਭਰਪੂਰ ਹੋ ਜਾਂਦੇ ਹਨ। ਸਿੱਟੇ ਵਜੋਂ ਉਨ੍ਹਾਂ ਦਾ ਜੀਵਨ ਬਦਲ ਜਾਂਦਾ ਹੈ ਅਤੇ ਉਹ ਅਹਿਸਾਸ ਕਰਦੇ ਹਨ ਕਿ ਉਨ੍ਹਾਂ ਦੇ ਜੀਵਨ ’ਚ ਕਰੋਧ ਅਤੇ ਨਫ਼ਰਤ ਦੀ ਤੁਲਨਾ ’ਚ ਪ੍ਰੇਮ ਕਿੰਨਾ ਜ਼ਿਆਦਾ ਮੁੱਲਵਾਨ ਹੈ। ਅਸੀਂ ਅਜਿਹੀ ਅਵਸਥਾ ਨੂੰ ਕਿਵੇਂ ਪ੍ਰਾਪਤ ਕਰ ਸਕਦੇ ਹਾਂ? ਜਿੱਥੇ ਅਸੀਂ ਦੂਜਿਆਂ ਤੋਂ ਪ੍ਰੇਮ ਚਾਹੁਣ ਦੀ ਥਾਂ ਉਨ੍ਹਾਂ ਨੂੰ ਪ੍ਰੇਮ ਦੇਈਏ। ਧਿਆਨ-ਅਭਿਆਸ ਦੁਆਰਾ ਅਸੀਂ ਸੰਸਾਰ ਨੂੰ ਦੋ ਮਹਾਨਤਮ ਤੋਹਫ਼ੇ ਪ੍ਰਦਾਨ ਕਰ ਸਕਦੇ ਹਾਂ। ਇਕ ‘ਵਿਸ਼ਵ ਪ੍ਰੇਮ’ ਤੇ ਦੂਜਾ ‘ਵਿਸ਼ਵ ਸ਼ਾਂਤੀ’। ਈਸਾ ਮਸੀਹ ਇਹੀ ਚਾਹੁੰਦੇ ਸਨ ਕਿ ਉਨ੍ਹਾਂ ਦੇ ਸ਼ਿਸ਼ ਸਿਰਫ਼ ਉਨ੍ਹਾਂ ਦਾ ਸੰਦੇਸ਼ ਸੁਣਨ ਹੀ ਨਾ, ਸਗੋਂ ਉਸ ਨੂੰ ਆਪਣੇ ਜੀਵਨ ਵਿਚ ਵੀ ਢਾਲਣ। ਤਾਂ ਆਓ! ਕ੍ਰਿਸਮਸ ਦੇ ਇਸ ਪਾਵਨ ਤਿਉਹਾਰ ’ਤੇ ਅਸੀਂ ਈਸਾ ਮਸੀਹ ਦੀਆਂ ਸਿੱਖਿਆਵਾਂ ਨੂੰ ਆਪਣੇ ਜੀਵਨ ਦਾ ਹਿੱਸਾ ਬਣਾਈਏ।