ਸਾਡੇ ਦਾਰਸ਼ਨਿਕ ਗ੍ਰੰਥਾਂ ਦਾ ਚਿੰਤਨ ਹੈ ਕਿ ਜਿਸ ਤਰ੍ਹਾਂ ਇਸ ਪੰਜ ਭੌਤਿਕ ਤੱਤਾਂ ਵਾਲੇ ਸਰੀਰ ਨੂੰ ਸਿਹਤਮੰਦ ਰੱਖਣ ਲਈ ਪੌਸ਼ਟਿਕ ਭੋਜਨ ਦੀ ਜ਼ਰੂਰਤ ਹੁੰਦੀ ਹੈ, ਉਸੇ ਤਰ੍ਹਾਂ ਇਸ ਅੰਦਰ ਰਹਿਣ ਵਾਲੀ ਆਤਮਾ ਦਾ ਵੀ ਆਪਣਾ ਭੋਜਨ ਹੁੰਦਾ ਹੈ। ਸਾਡੇ ਵੈਦਿਕ ਗ੍ਰੰਥਾਂ ਵਿਚ ਦੱਸਿਆ ਗਿਆ ਹੈ ਕਿ ਧਿਆਨ ਵਿਚ ਲੱਗ ਕੇ ਈਸ਼ਵਰ ਦੀ ਪੂਜਾ ਹੀ ਜੀਵ-ਆਤਮਾ ਦਾ ਭੋਜਨ ਹੈ। ਇਸੇ ਭੋਜਨ ਨਾਲ ਆਤਮਾ ਵਿਚ ਆਤਮਿਕ ਅਤੇ ਰੂਹਾਨੀ ਬਲ ਅਤੇ ਸ਼ਕਤੀ ਦਾ ਸੰਚਾਰ ਹੁੰਦਾ ਹੈ ਜਿਸ ਕਾਰਨ ਜੀਵ ਆਤਮਾ ਗੁਣਾਂ ਤੇ ਆਨੰਦ ਨਾਲ ਭਰਪੂਰ ਹੋ ਕੇ ਈਸ਼ਵਰ ਦੇ ਆਨੰਦ ਦਾ ਅਹਿਸਾਸ ਕਰਨ ਦੀ ਸਮਰੱਥਾ ਹਾਸਲ ਕਰਦੀ ਹੈ। ਸਾਡੇ ਰਿਸ਼ੀਆਂ ਨੇ ਧਿਆਨ ਨੂੰ ਈਸ਼ਵਰ ਨਾਲ ਜੁੜਨ ਦਾ ਪਰਮ ਸਾਧਨ ਮੰਨਿਆ ਹੈ। ਇਕਾਗਰ ਹੋ ਕੇ ਈਸ਼ਵਰ ਦੀ ਭਗਤੀ ਕਰਨ ਨਾਲ ਆਤਮਾ ਨੂੰ ਅਲੌਕਿਕ ਅਤੇ ਦਿੱਵਿਆ ਆਨੰਦ ਰੂਪੀ ਭੋਜਨ ਦੀ ਪ੍ਰਾਪਤੀ ਹੁੰਦੀ ਹੈ। ਮਨੁੱਖ ਸੰਸਾਰ ਵਿਚ ਆ ਕੇ ਇਸ ਭੌਤਿਕ ਸਰੀਰ ਨੂੰ ਪ੍ਰਾਪਤ ਕਰ ਕੇ ਸਿਰਫ਼ ਇਸੇ ਦੀ ਸਜਾਵਟ ਅਤੇ ਮਜ਼ਬੂਤੀ ਵਿਚ ਲੱਗਾ ਰਹਿੰਦਾ ਹੈ ਅਤੇ ਤਰ੍ਹਾਂ-ਤਰ੍ਹਾਂ ਦੇ ਵਿਅੰਜਨਾਂ ਨਾਲ ਸਰੀਰ ਨੂੰ ਤ੍ਰਿਪਤ ਕਰਨ ਵਿਚ ਲੱਗਾ ਰਹਿੰਦਾ ਹੈ ਪਰ ਇਸ ਸਰੀਰ ਦੇ ਅੰਦਰ ਮੌਜੂਦ ਆਤਮ ਤੱਤ ਦੇ ਭੋਜਨ ਤੋਂ ਉਹ ਸਦਾ ਅਣਭਿੱਜ ਹੀ ਰਹਿੰਦਾ ਹੈ।
ਉਪਾਸਨਾ ਰੂਪੀ ਅਧਿਆਤਮਕ ਸੰਪਤੀ ਨਾਲ ਹੀ ਆਤਮਾ ਦੇ ਭੋਜਨ ਦਾ ਪ੍ਰਬੰਧ ਹੁੰਦਾ ਹੈ। ਤਿੰਨਾਂ ਲੋਕਾਂ ਦੀ ਸੰਪਤੀ ਵਿਚ ਵੀ ਆਤਮਾ ਦੇ ਭੋਜਨ ਦਾ ਪ੍ਰਬੰਧ ਕਰਨ ਦੀ ਸਮਰੱਥਾ ਨਹੀਂ ਹੈ। ਵੈਦਿਕ ਗ੍ਰੰਥਾਂ ਦਾ ਅਧਿਐਨ ਕਰ ਕੇ, ਧਿਆਨ ਅਤੇ ਉਪਾਸਨਾ ਦੇ ਰਾਹ ’ਤੇ ਵਧ ਕੇ ਹੀ ਅਸੀਂ ਇਸ ਆਤਮਾ ਨੂੰ ਆਨੰਦ ਨਾਲ ਭਰ ਕੇ ਤ੍ਰਿਪਤੀ ਪ੍ਰਦਾਨ ਕਰ ਸਕਦੇ ਹਾਂ। ਗਿਆਨ ਦੇ ਮਾਧਿਅਮ ਨਾਲ ਈਸ਼ਵਰ ਦੇ ਆਨੰਦ ਦਾ ਅਹਿਸਾਸ ਹੀ ਜੀਵ ਆਤਮਾ ਦਾ ਅਸਲ ਭੋਜਨ ਹੈ। ਇਸੇ ਦਿੱਵਿਆ ਭੋਜਨ ਨਾਲ ਆਤਮਾ ਅੰਦਰ ਰੂਹਾਨੀ ਅਤੇ ਸਾਧਨਾ ਦੇ ਰਾਹ ’ਤੇ ਲਿਜਾਉਣ ਵਾਲੀਆਂ ਸ਼ਕਤੀਆਂ ਦਾ ਉਦੈ ਹੁੰਦਾ ਹੈ। ਇਸ ਲਈ ਇਹ ਬੇਹੱਦ ਜ਼ਰੂਰੀ ਹੈ ਕਿ ਸਰੀਰ ਦੇ ਭੋਜਨ ਦੇ ਪ੍ਰਬੰਧ ਦੇ ਨਾਲ-ਨਾਲ ਸਾਨੂੰ ਆਤਮਾ ਦੇ ਭੋਜਨ ਦਾ ਵੀ ਪ੍ਰਬੰਧ ਕਰਨਾ ਚਾਹੀਦਾ ਹੈ। ਬਿਨਾਂ ਇਸ ਦਿੱਵਿਆ ਭੋਜਨ ਦੇ ਆਤਮਾ ਕਮਜ਼ੋਰ, ਬਿਮਾਰ ਅਤੇ ਗਿਆਨਹੀਣ ਹੋ ਕੇ ਈਸ਼ਵਰ ਦੇ ਪਿਆਰ ਤੋਂ ਸਦਾ ਵਿਰਵੀ ਹੀ ਰਹਿੰਦੀ ਹੈ। ਜਿਹੜੀ ਆਤਮਾ ਪਰਮਾਤਮਾ ਤੋਂ ਦੂਰ ਰਹਿੰਦੀ ਹੈ, ਉਸ ਕੋਲ ਭਟਕਣ ਤੋਂ ਸਿਵਾਏ ਹੋਰ ਕੋਈ ਚਾਰਾ ਨਹੀਂ ਹੁੰਦਾ।