ਸਾਵਣ ਦਾ ਮਹੀਨਾ ਹੋਣ ਕਾਰਨ ਸ਼ਿਵ ਮੰਦਰਾਂ 'ਚ ਸ਼ਰਧਾਲੂਆਂ ਦੀ ਭੀੜ ਲੱਗੀ ਰਹਿੰਦੀ ਹੈ। ਹਿੰਦੂ ਧਰਮ 'ਚ ਜਯੋਤਿਰਲਿੰਗ ਨੂੰ ਵਿਸ਼ੇਸ਼ ਮਹੱਤਵ ਦਿੱਤਾ ਗਿਆ ਹੈ। ਅਜਿਹਾ ਮੰਨਿਆ ਜਾਂਦਾ ਹੈ ਕਿ ਜਯੋਤਿਰਲਿੰਗ ਦੇ ਦਰਸ਼ਨ ਕਰਨ ਨਾਲ ਸ਼ਰਧਾਲੂਆਂ ਨੂੰ ਸ਼ੁਭ ਫਲ ਮਿਲਦਾ ਹੈ ਤੇ ਇਸ ਨਾਲ ਮੁਕਤੀ ਵੀ ਮਿਲਦੀ ਹੈ। ਅੱਜ ਅਸੀਂ ਤੁਹਾਨੂੰ ਭਗਵਾਨ ਸ਼ਿਵ ਦੇ ਚੌਥੇ ਸ਼ਿਵਲਿੰਗ ਦੇ ਪੌਰਾਣਿਕ ਮਹੱਤਵ ਬਾਰੇ ਦੱਸਦੇ ਹਾਂ।
ਕੀ ਹੈ ਕਥਾ
ਹਿੰਦੂ ਮਿਥਿਹਾਸ ਅਨੁਸਾਰ ਮਹਾਭਾਰਤ ਯੁੱਧ ਤੋਂ ਬਾਅਦ ਪਾਂਡਵਾਂ 'ਤੇ ਆਪਣੇ ਰਿਸ਼ਤੇਦਾਰਾਂ ਦੀ ਹੱਤਿਆ ਦਾ ਦੋਸ਼ ਲੱਗ ਗਿਆ ਸੀ। ਇਸ ਦੋਸ਼ ਤੋਂ ਮੁਕਤੀ ਪਾਉਣ ਲਈ ਉਹ ਭਗਵਾਨ ਸ਼ਿਵ ਦੀ ਸ਼ਰਨ 'ਚ ਜਾਣਾ ਚਾਹੁੰਦੇ ਸਨ, ਇਸ ਲਈ ਉਹ ਹਿਮਾਲਿਆ ਵੱਲ ਨਿਕਲ ਗਏ ਪਰ ਭਗਵਾਨ ਸ਼ਿਵ ਅੰਤਰ-ਧਿਆਨ ਹੋ ਗਏ ਤੇ ਕੇਦਾਰਨਾਥ ਚਲੇ ਗਏ।
ਇਸ ਤੋਂ ਬਾਅਦ ਪਾਂਡਵ ਵੀ ਭਗਵਾਨ ਸ਼ਿਵ ਦੇ ਪਿੱਛੇ-ਪਿੱਛੇ ਕੇਦਰਾਨਾਥ ਚਲੇ ਗਏ। ਪਾਂਡਵਾਂ ਨੂੰ ਆਉਂਦਾ ਦੇਖ ਭਗਵਾਨ ਸ਼ਿਵ ਨੇ ਬਲਦ ਦਾ ਰੂਪ ਧਾਰ ਲਿਆ ਤੇ ਪਸ਼ੂਆਂ ਵਿਚਕਾਰ ਚਲੇ ਗਏ। ਭਗਵਾਨ ਸ਼ਿਵ ਦੇ ਦਰਸ਼ਨ ਪਾਉਣ ਤੋਂ ਬਾਅਦ ਭੀਮ ਨੇ ਵਿਸ਼ਾਲ ਰੂਪ ਧਾਰਨ ਕਰ ਲਿਆ ਤੇ ਕੇਦਾਰ ਪਰਬਤ ਦੇ ਦੋਵੇਂ ਪਾਸੇ ਆਪਣੇ ਪੈਰ ਜਮਾ ਲਏ।
ਭੀਮ ਦਾ ਇਹ ਰੂਪ ਦੇਖ ਕੇ ਸਾਰੇ ਜਾਨਵਰ ਉਸ ਦੇ ਪੈਰਾਂ ਹੇਠੋਂ ਨਿਕਲ ਗਏ ਪਰ ਭਗਵਾਨ ਸ਼ਿਵ, ਜੋ ਬਲਦ ਦਾ ਰੂਪ ਧਾਰਨ ਕਰ ਚੁੱਕੇ ਸਨ, ਉੱਥੇ ਹੀ ਰੁਕ ਗਏ ਤੇ ਪਾਂਡਵਾਂ ਨੇ ਉਨ੍ਹਾਂ ਨੂੰ ਪਛਾਣ ਲਿਆ। ਇਸ ਤੋਂ ਬਾਅਦ ਭਗਵਾਨ ਸ਼ਿਵ ਬਲਦ ਦੇ ਰੂਪ 'ਚ ਧਰਤੀ 'ਚ ਸਮਾਉਣ ਲੱਗੇ, ਜਿਸ ਨੂੰ ਦੇਖ ਕੇ ਭੀਮ ਨੇ ਬਲਦ ਦੇ ਪਿਛਲੇ ਹਿੱਸੇ ਨੂੰ ਕੱਸ ਕੇ ਫੜ ਲਿਆ।
ਪਾਂਡਵਾਂ ਦੀ ਭਗਤੀ ਦੇਖ ਕੇ ਭਗਵਾਨ ਸ਼ਿਵ ਨੇ ਉਨ੍ਹਾਂ ਨੂੰ ਦਰਸ਼ਨ ਦਿੱਤੇ ਤੇ ਉਨ੍ਹਾਂ ਨੂੰ ਉਨ੍ਹਾਂ ਦੇ ਪਾਪਾਂ ਤੋਂ ਮੁਕਤ ਕਰ ਦਿੱਤਾ। ਉਦੋਂ ਤੋਂ ਇੱਥੇ ਭੋਲੇਨਾਥ ਦੀ ਪੂਜਾ ਬਲਦ ਦੀ ਪਿੱਠ ਦੇ ਰੂਪ 'ਚ ਕੀਤੀ ਜਾਂਦੀ ਹੈ। ਬਲਦ ਦਾ ਮੁਖ ਨੇਪਾਲ 'ਚੋਂ ਨਿਕਲਿਆ, ਜਿੱਥੇ ਭਗਵਾਨ ਸ਼ਿਵ ਦੀ ਪੂਜਾ ਪਸ਼ੂਪਤੀਨਾਥ ਦੇ ਰੂਪ 'ਚ ਕੀਤੀ ਜਾਂਦੀ ਹੈ।
ਕੇਦਾਰਨਾਥ ਦਾ ਮਹੱਤਵ
ਕੇਦਾਰਨਾਥ ਮੰਦਰ ਉੱਤਰਾਖੰਡ 'ਚ ਮੰਦਾਕਿਨੀ ਨਦੀ ਦੇ ਘਾਟ 'ਤੇ ਸਥਿਤ ਹੈ।
ਮਾਨਤਾ ਅਨੁਸਾਰ ਮੰਦਰ 'ਚ ਸ਼ਿਵਲਿੰਗ ਸਵੈਂ-ਭੂ ਦੇ ਰੂਪ 'ਚ ਮੌਜੂਦ ਹੈ।
ਮੰਦਰ ਸਭ ਤੋਂ ਪਹਿਲਾਂ ਪਾਂਡਵਾਂ ਵੱਲੋਂ ਇੱਥੇ ਬਣਾਇਆ ਗਿਆ ਸੀ।
ਮੰਦਰ ਦੇ ਲੁਪਤ ਹੋਣ ਤੋਂ ਬਾਅਦ ਆਦਿ ਗੁਰੂ ਸ਼ੰਕਰਾਚਾਰਿਆ ਨੇ ਪੁਨਰ-ਨਿਰਮਾਣ ਕਰਵਾਇਆ।