ਸੂਫ਼ੀ ਸੰਤ ਬਾਬਾ ਫ਼ਰੀਦ ਜੀ ਦਾ ਜਨਮ 12ਵੀਂ ਸਦੀ ’ਚ ਪਿੰਡ ਕੋਠੀਵਾਲ (ਪਾਕਿਸਤਾਨ) ਤੋਂ ਦਸ ਕਿਲੋਮੀਟਰ ਦੂਰ ਸ਼ੇਖ ਜਮਾਲੂਦੀਨ ਸੁਲੇਮਾਨ ਤੇ ਬੀਬੀ ਮਰੀਅਮ ਦੇ ਘਰ ਹੋਇਆ। ਫ਼ਰੀਦ ਜੀ ਬਚਪਨ ’ਚ ਹੀ ਪਿਤਾ ਸ਼ੇਖ ਜਮਾਲੂਦੀਨ ਸੁਲੇਮਾਨ ਦੇ ਪਿਆਰ ਤੋਂ ਮਰਹੂਮ ਹੋ ਗਏ। ਮਾਤਾ ਬੀਬੀ ਮਰੀਅਮ ਨੇ ਹੀ ਉਨ੍ਹਾਂ ਨੂੰ ਪਾਲ ਕੇ ਧਾਰਮਿਕ ਵਿਦਿਆ ਲਈ ਮੁਲਤਾਨ ਭੇਜਿਆ। ਉਦੋਂ ਮੁਲਤਾਨ ਸੰਸਾਰਕ ਤੇ ਰੂਹਾਨੀ ਵਿਦਿਆ ਦਾ ਕੇਂਦਰ ਸੀ। ਉਨ੍ਹਾਂ ਦੀ ਮੁੱਢਲੀ ਵਿਦਿਆ ਮੁਲਤਾਨ ’ਚ ਹੀ ਸ਼ੁਰੂ ਹੋਈ। ਫ਼ਰੀਦ ਜੀ ਉਸ ਸਮੇਂ ਦੇ ਸੂਫ਼ੀ ਸੰਤ ਤੇ ਵਿਦਵਾਨ ਖ਼ਵਾਜ਼ਾ ਬਖ਼ਤਿਆਰ ਕਾਕੀ ਦੇ ਮੁਰੀਦ ਸਨ। ਸੰਤ ਸੁਭਾਅ ਦੇ ਮਾਲਕ ਰੱਬ ਦੀ ਰਜ਼ਾ ’ਚ ਰਹਿਣ ਵਾਲੇ ਫ਼ਰੀਦ ਜੀ ਨੂੰ ਪੰਜਾਬੀ ਬੋਲੀ ਦੇ ਪਹਿਲੇ ਕਵੀ ਵਜੋਂ ਵੀ ਜਾਣਿਆ ਜਾਂਦਾ ਹੈ ਅਤੇ ਫ਼ਰੀਦ ਜੀ ਦੀਆਂ ਰਚਨਾਵਾਂ ਗੁਰੂ ਗ੍ਰੰਥ ਸਾਹਿਬ ’ਚ ਵੀ ਦਰਜ ਹਨ।
ਗੁਰੂ ਗ੍ਰੰਥ ਸਾਹਿਬ ’ਚ ਬਾਬਾ ਜੀ ਦੇ ਚਾਰ ਸ਼ਬਦ ਹਨ। ਦੋ ਆਸਾ ਰਾਗ ’ਚ ਤੇ ਦੋ ਸੂਹੀ ਰਾਗ ਵਿਚ। ਇਸੇ ਤਰ੍ਹਾਂ ਅੰਗ 1377 ਤੋਂ ਲੈ ਕੇ 1384 ਤੱਕ ‘ਸਲੋਕ ਸੇਖ ਫਰੀਦ ਕੇ’ ਸਿਰਲੇਖ ਹੇਠ 130 ਸਲੋਕ ਦਰਜ ਹਨ, ਜਿਨ੍ਹਾਂ ’ਚੋਂ ਚਾਰ ਸਲੋਕ (ਨੰ: 32, 113, 120, 124) ਗੁਰੂ ਨਾਨਕ ਦੇਵ ਜੀ ਦੇ, ਪੰਜ ਸਲੋਕ (ਨੰ: 13, 52, 104, 122, 123) ਗੁਰੂ ਅਮਰਦਾਸ ਜੀ ਦੇ, ਇੱਕ ਸਲੋਕ (ਨੰ: 121) ਗੁਰੂ ਰਾਮਦਾਸ ਜੀ ਤੇ ਅੱਠ ਸਲੋਕ (ਨੰ: 75, 82, 83, 105, 108 ਤੋਂ 111) ਗੁਰੂ ਅਰਜਨ ਦੇਵ ਜੀ ਦੇ ਹੋਣ ਤੋਂ ਇਲਾਵਾ ਬਾਕੀ ਦੇ 112 ਸਲੋਕ ਫ਼ਰੀਦ ਜੀ ਦੇ ਹਨ। ਫ਼ਰੀਦ ਜੀ ਦੀ ਬਾਣੀ ਉੱਚਿਤ ਹੋਣ ਕਰਕੇ ਹੀ ਗੁਰੂ ਅਰਜਨ ਦੇਵ ਜੀ ਨੇ ਉਨ੍ਹਾਂ ਦੀ ਬਾਣੀ ਇਕੱਤਰ ਕਰਕੇ ਗੁਰੂ ਗ੍ਰੰਥ ਸਾਹਿਬ ’ਚ ਦਰਜ ਕੀਤੀ ਅਤੇ ਨੂੰ ਬਹੁਤ ਅਹਿਮ ਸਥਾਨ ਦਿੱਤਾ। ਖ਼ੁਦਾ ਦੀ ਇਬਾਦਤ ’ਚ ਲੀਨ ਬਾਬਾ ਫ਼ਰੀਦ ਜੀ 12ਵੀਂ, 13ਵੀਂ ਸਦੀ ਦੇ ਉਹ ਪਹਿਲੇ ਕਵੀ ਹੋਏ, ਜਿਨ੍ਹਾਂ ਨੇ ਖ਼ੁਦਾ ਦੀ ਰਹਿਮਤ ਸਦਕਾ ਆਪਣੇ ਭਾਵ, ਖ਼ਿਆਲ ਪੰਜਾਬੀ ਭਾਸ਼ਾ ’ਚ ਪ੍ਰਗਟ ਕਰ ਨਾਮਣਾ ਖੱਟੀ। ਫ਼ਰੀਦ ਜੀ ਲਹਿੰਦੇ ਪੰਜਾਬ ਦੇ ਵਸਨੀਕ ਸਨ, ਇਸ ਲਈ ਇਨ੍ਹਾਂ ਦੀ ਭਾਸ਼ਾ ਨੂੰ ਲਹਿੰਦੀ ਕਿਹਾ ਜਾਂਦਾ ਹੈ। ਉਨ੍ਹਾਂ ਕਾਫ਼ੀ ਸਮਾਂ ਮਿੰਟਗੁਮਰੀ ਦੇ ਨਗਰ ਪਾਕਪਟਨ ’ਚ ਗੁਜ਼ਾਰਿਆ ਜੋ ਮਿੰਟਗੁਮਰੀ ਤੋਂ ਤਕਰੀਬਨ 46-47 ਕਿਲੋਮੀਟਰ ਦੱਖਣ-ਪੂਰਬ ਦਿਸ਼ਾ ’ਚ ਹੈ।
12ਵੀਂ ਸਦੀ ਦੇ ਚਿਸ਼ਤੀ ਸਿਲਸਿਲੇ ਦੇ ਸੂਫ਼ੀ ਸੰਤ ਤੇ ਪ੍ਰਚਾਰਕ ਫ਼ਰੀਦ ਜੀ ਜਦੋਂ ਨਗਰ ਮੋਕਲਹਰ (ਮੌਜੂਦਾ ਫ਼ਰੀਦਕੋਟ) ਪਹੁੰਚੇ ਤਾਂ ਇੱਕ ਟਿੱਲੇ ਦੇ ਉੱਪਰ ਬੈਠ ਖ਼ੁਦਾ ਦੀ ਇਬਾਦਤ ’ਚ ਲੀਨ ਹੋ ਗਏ। ਮੋਕਲਹਰ ਦੀ ਸਥਾਪਨਾ 13ਵੀਂ ਸਦੀ ’ਚ ਰਾਜਸਥਾਨ ਦੇ ਭਟਨੇਰ ਦੇ ਭੱਟੀ ਮੁਖੀ ਰਾਏ ਮੁੰਜ ਦੇ ਪੋਤਰੇ ਰਾਜਾ ਮੋਕਲਸੀ ਵੱਲੋਂ ਕੀਤੀ ਤੇ ਉਸ ਸਮੇਂ ਇਸ ਇਲਾਕੇ ’ਤੇ ਆਪਣਾ ਰਾਜ ਸਥਾਪਤ ਕਰਕੇ ਇੱਕ ਕਿਲ੍ਹਾ ਬਣਾਇਆ। ਇਤਫ਼ਾਕਨ ਉਸ ਸਮੇਂ ਕਿਲ੍ਹੇ ਦੀ ਉਸਾਰੀ ’ਚ ਜਬਰਨ ਕੰਮ ਕਰਨ ਲਈ ਲਗਾਏ ਮਜ਼ਲੂਮ ਮਜ਼ਦੂਰਾਂ ’ਚੋਂ ਇੱਕ ਫ਼ਰੀਦ ਜੀ ਵੀ ਸਨ। ਕਹਿੰਦੇ ਹਨ ਜਦੋਂ ਫ਼ਰੀਦ ਜੀ ਕਿਲ੍ਹੇ ਦੀ ਉਸਾਰੀ ਲਈ ਗਾਰੇ ਦੇ ਟੋਕਰੇ ਚੁੱਕਦੇ ਤਾਂ ਟੋਕਰਾ ਉਨ੍ਹਾਂ ਦੇ ਸਿਰ ਤੋਂ ਆਪਣੇ ਆਪ ਉੱਚਾ ਹੋ ਜਾਂਦਾ ਸੀ। ਇਹ ਗੱਲ ਜਦੋਂ ਰਾਜਾ ਮੋਕਲਸੀ ਦੇ ਕੰਨੀਂ ਪਈ ਤਾਂ ਕੌਤਕ ਦੇਖ ਕੇ ਰਾਜਾ ਮੋਕਲਸੀ ਸਮਝ ਗਿਆ ਕਿ ਇਹ ਸੂਫ਼ੀ ਸੰਤ ਫ਼ਕੀਰ ਹਨ। ਰਾਜਾ ਮੋਕਲਸੀ ਨੇ ਫ਼ਰੀਦ ਜੀ ਦੇ ਚਰਨ ਫੜ ਮੁਆਫ਼ੀ ਮੰਗੀ ਤੇ ਆਪਣਾ ਨਾਂ ਹਟਾ ਕੇ ਇਸ ਨਗਰ ਦਾ ਨਾਂ ਫ਼ਰੀਦ ਜੀ ਦੇ ਨਾਮ ’ਤੇ ‘ਫ਼ਰੀਦਕੋਟ’ ਰੱਖ ਦਿੱਤਾ। ਫ਼ਰੀਦ ਜੀ ਪਾਕਪਟਨ ’ਚ 13ਵੀਂ ਸਦੀ ’ਚ ਇਸ ਜਹਾਨੋਂ ਰੁਖ਼ਸਤ ਹੋ ਗਏ।