ਚੰਡੀਗੜ੍ਹ: ਐਤਵਾਰ ਨੂੰ ਮੁੰਬਈ ’ਚ ਕਰਵਾਏ ਗਏ ਫਿਲਮ ਫੇਅਰ ਓਟੀਟੀ ਐਵਾਰਡ ਦੇ ਪੰਜਵੇਂ ਐਡੀਸ਼ਨ ’ਚ ਇਮਤਿਆਜ਼ ਅਲੀ ਨਿਰਦੇਸ਼ਿਤ ਫਿਲਮ ‘ਅਮਰ ਸਿੰਘ ਚਮਕੀਲਾ’ ਸਭ ’ਤੇ ਭਾਰੀ ਪਈ। ਫਿਲਮ ਨੂੰ ਕੁੱਲ ਦਸ ਐਵਾਰਡ ਮਿਲੇ ਜਿਸ ’ਚ ਅਦਾਕਾਰ ਦਿਲਜੀਤ ਦੁਸਾਂਝ ਨੂੰ ਸਰਬੋਤਮ ਅਦਾਕਾਰ ਦਾ ਐਵਾਰਡ ਵੀ ਸ਼ਾਮਲ ਹੈ। ਇਹ ਫਿਲਮ ਪ੍ਰਸਿੱਧ ਪੰਜਾਬੀ ਗਾਇਕ ਅਮਰ ਸਿੰਘ ਚਮਕੀਲਾ ’ਤੇ ਆਧਾਰਿਤ ਸੀ। ਉਥੇ ਸਰਬੋਤਮ ਅਦਾਕਾਰਾ ਦਾ ਐਵਾਰਡ ਸੁਜਾਏ ਘੋਸ਼ ਨਿਰਦੇਸ਼ਿਤ ਥ੍ਰਿਲਰ ‘ਜਾਨੇਜਾਨ’ ਲਈ ਕਰੀਨਾ ਕਪੂਰ ਨੂੰ ਮਿਲਿਆ।
ਵੈੱਬਸੀਰੀਜ਼ ਸ਼੍ਰੇਣੀ ’ਚ ‘ਗੰਨਜ਼ ਐਂਡ ਗੁਲਾਬਜ਼’ ਲਈ ਸਰਬੋਤਮ ਅਦਾਕਾਰ-ਕਾਮੇਡੀ ਦਾ ਪੁਰਸਕਾਰ ਰਾਜਕੁਮਾਰ ਰਾਓ ਨੇ ਜਿੱਤਿਆ। ਗਗਨ ਦੇਵ ਰਿਆਰ ਨੂੰ ‘ਸਕੈਮ 2003 : ਦ ਤੇਲਗੀ ਸਟੋਰੀ’ ’ਚ ਉਨ੍ਹਾਂ ਦੀ ਸ਼ਾਨਦਾਰ ਅਦਾਕਾਰੀ ਲਈ ਸਰਬੋਤਮ ਅਦਾਕਾਰ-ਡਰਾਮਾ ਦਾ ਪੁਰਸਕਾਰ ਮਿਲਿਆ। ਉਥੇ ਮਹਿਲਾ ਅਦਾਕਾਰਾਂ ’ਚ ਕਾਮੇਡੀ ਸੀਰੀਜ਼ ’ਚ ਸਰਬੋਤਮ ਅਦਾਕਾਰਾ ਦਾ ਪੁਰਸਕਾਰ ‘ਗੁੱਲਕ’ ਸੀਜ਼ਨ-4 ਲਈ ਗੀਤਾਂਜਲੀ ਕੁਲਕਰਨੀ ਜਦਕਿ ਡਰਾਮਾ ਸੀਰੀਜ਼ ’ਚ ਸਰਬੋਤਮ ਅਦਾਕਾਰਾ ਦਾ ਪੁਰਸਕਾਰ ਮਨੀਸ਼ਾ ਕੋਇਰਾਲਾ ਨੂੰ ‘ਹੀਰਾਮੰਡੀ : ਦ ਡਾਇਮੰਡ ਬਾਜ਼ਾਰ’ ਲਈ ਦਿੱਤਾ ਗਿਆ।
‘ਪੰਚਾਇਤ’ ਸੀਜ਼ਨ-3 ਲਈ ਫੈਜ਼ਲ ਮਲਿਕ ਨੂੰ ਸਰਬੋਤਮ ਸਹਾਇਕ ਅਦਾਕਾਰ-ਕਾਮੇਡੀ, ਆਰ. ਮਾਧਵਨ ਨੂੰ ‘ਦ ਰੇਲਵੇ ਮੈਨ’ ਲਈ ਸਰਬੋਤਮ ਸਹਾਇਕ ਅਦਾਕਾਰ-ਡਰਾਮਾ ਲਈ ਸਨਮਾਨਿਤ ਕੀਤਾ ਗਿਆ। ਉਥੇ ਸਰਬੋਤਮ ਸਹਾਇਕ ਅਦਾਕਾਰਾ ਸ਼੍ਰੇਣੀ ’ਚ ਨਿਧੀ ਬਿਸ਼ਟ ਨੂੰ ‘ਮਾਮਲਾ ਲੀਗਲ ਹੈ’ (ਕਾਮੇਡੀ) ਤੇ ਮੋਨਾ ਸਿੰਘ ਨੂੰ ‘ਮੇਡ ਇਨ ਹੈਵਨ’ ਸੀਜ਼ਨ-2 (ਡਰਾਮਾ) ਲਈ ਸਨਮਾਨਿਤ ਕੀਤਾ ਗਿਆ। ਸਰਬੋਤਮ ਮੌਲਿਕ ਕਹਾਣੀ (ਵੈੱਬ ਸੀਰੀਜ਼) ਦਾ ਪੁਰਸਕਾਰ ਬਿਸਵਪਤੀ ਸਰਕਾਰ ਨੂੰ ‘ਕਾਲਾ ਪਾਣੀ’ ਲਈ ਦਿੱਤਾ ਗਿਆ। ਸਰਬੋਤਮ ਡੈਬਿਊ ਡਾਇਰੈਕਟਰ (ਵੈੱਬ ਸੀਰੀਜ਼) ਦਾ ਪੁਰਸਕਾਰ ਸ਼ਿਵ ਰਵੈਲ ਨੂੰ ‘ਦ ਰੇਲਵੇ ਮੈਨ’ ਲਈ ਮਿਲਿਆ।
ਵੈੱਬ ਫਿਲਮਾਂ ਨੂੰ ਕੀ ਮਿਲਿਆ?
- ਸਰਬੋਤਮ ਫਿਲਮ : ਅਮਰ ਸਿੰਘ ਚਮਕੀਲਾ
- ਸਰਬੋਤਮ ਡਾਇਰੈਕਟਰ : ਇਮਤਿਆਜ਼ ਅਲੀ (ਅਮਰ ਸਿੰਘ ਚਮਕੀਲਾ)
- ਸਰਬੋਤਮ ਅਦਾਕਾਰ : ਦਿਲਜੀਤ ਦੁਸਾਂਝ (ਅਮਰ ਸਿੰਘ ਚਮਕੀਲਾ)
- ਸਰਬੋਤਮ ਅਦਾਕਾਰਾ : ਕਰੀਨਾ ਕਪੂਰ ਖ਼ਾਨ (ਜਾਨੇਜਾਨ)
- ਸਰਬੋਤਮ ਸਹਾਇਕ ਅਦਾਕਾਰ : ਜੈਦੀਪ ਅਹਿਲਾਵਤ (ਮਹਾਰਾਜ)
- ਸਰਬੋਤਮ ਸਹਾਇਕ ਅਦਾਕਾਰਾ : ਵਾਮਿਕਾ ਗੱਬੀ (ਖੁਫ਼ੀਆ)
- ਸਰਬੋਤਮ ਬੈਂਕਗਰਾਊਂਡ ਮਿਊਜ਼ਿਕ : ਏਆਰ ਰਹਿਮਾਨ (ਅਮਰ ਸਿੰਘ ਚਮਕੀਲਾ)
- ਸਰਬੋਤਮ ਕਹਾਣੀ : ਜੋਯਾ ਅਖ਼ਤਰ, ਅਰਜੁਨ ਵਰੈਨ ਸਿੰਘ ਤੇ ਰੀਮਾ ਕਾਗਤੀ (ਖੋ ਗਏ ਹਮ ਕਹਾਂ)
- ਸਰਬੋਤਮ ਸੰਗੀਤ ਐਲਬਮ : ਏਆਰ ਰਹਿਮਾਨ (ਅਮਰ ਸਿੰਘ ਚਮਕੀਲਾ)
- ਸਰਬੋਤਮ ਉੱਭਰਦਾ ਡਾਇਰੈਕਟਰ : ਅਰਜੁਨ ਵਰੈਨ ਸਿੰਘ (ਖੋ ਗਏ ਹਮ ਕਹਾਂ)
- ਬੈਸਟ ਡੈਬਿਊ ਮੇਲ : ਵੇਦਾਂਗ ਰੈਨਾ (ਦ ਆਰਚੀਜ਼)