ਮੋਹਾਲੀ। ਰੋਟਰੀ ਕਲੱਬ ਚੰਡੀਗੜ੍ਹ ਅਪਟਾਊਨ ਵੱਲੋਂ ਸੈਕਟਰ 69 ਸਥਿਤ ਸ਼ੇਮਰੌਕ ਸਕੂਲ ਵਿਚ ਇੱਕ ਦਿਨ ਦਾ ਰੋਟਰੀ ਯੂਥ ਲੀਡਰਸ਼ਿਪ ਅਵਾਰਡ ਕਰਵਾਏ ਗਏ। ਇਸ ਪ੍ਰੋਗਰਾਮ ਵਿਚ ਚੰਡੀਗੜ੍ਹ, ਪੰਚਕੂਲਾ ਅਤੇ ਮੋਹਾਲੀ ਦੇ 12 ਸਕੂਲਾਂ ਤੋਂ 195 ਵਿਦਿਆਰਥੀਆਂ ਨੇ ਭਾਗ ਲਿਆ, ਜਿਹੜੇ ਵੱਖ-ਵੱਖ ਰੋਟਰੀ ਕਲੱਬਜ਼ ਦੇ ਇੰਟਰੈਕਟ ਕਲੱਬ ਦੇ ਮੈਂਬਰ ਹਨ। ਇਹ ਐਵਾਰਡ ਉਨ੍ਹਾਂ ਬੱਚਿਆਂ ਨੂੰ ਦਿਤੇ ਗਏ ਜਿਨ੍ਹਾਂ ਸਮਾਜ ਭਲਾਈ, ਲੋਕ ਸੇਵਾ ਆਦਿ ਵਿਚ ਅਹਿਮ ਰੋਲ ਨਿਭਾਇਆ।
ਟ੍ਰਾਈ ਸਿਟੀ ਦੇ 12 ਸਕੂਲਾਂ ਦੇ 195 ਵਿਦਿਆਰਥੀਆ ਨੇ ਹਿੱਸਾ ਲਿਆ
ਇਸ ਪ੍ਰੋਗਰਾਮ ਦੀ ਸ਼ੁਰੂਆਤ ਰੋਟਰੀ ਕਲੱਬ ਚੰਡੀਗੜ੍ਹ ਅਪਟਾਊਨ ਦੇ ਪ੍ਰਧਾਨ ਰੋਟੇਰੀਅਨ ਵਿਜੈ ਕੁਮਾਰ ਢਲ ਵੱਲੋਂ ਮਹਿਮਾਨਾਂ ਅਤੇ ਯੁਵਕ ਭਾਗੀਦਾਰਾਂ ਦਾ ਸਵਾਗਤ ਕਰਦੇ ਹੋਏ ਹੋਈ। ਉਨ੍ਹਾਂ ਵਿਦਿਆਰਥੀਆਂ ਨੂੰ ਪ੍ਰੋਗਰਾਮ ਦੇ ਸੈਸ਼ਨਾਂ ਦਾ ਪੂਰਾ ਲਾਭ ਚੁੱਕਣ ਅਤੇ ਆਪਣੇ ਵਿਅਕਤੀਗਤ ਗੁਣਾਂ ਨੂੰ ਨਿਖਾਰਨ ਲਈ ਪ੍ਰੇਰਿਤ ਕੀਤਾ। ਪ੍ਰੋਜੈਕਟ ਚੇਅਰਮੈਨ ਰੋਟੇਰੀਅਨ ਮਹੇਸ਼ ਅਰੋੜਾ ਨੇ ਦਿਨ ਦੇ ਪ੍ਰੋਗਰਾਮ ਦੀ ਰੂਪਰੇਖਾ ਪੇਸ਼ ਕੀਤੀ, ਜੋ ਖ਼ਾਸ ਕਰਕੇ ਨੇਤ੍ਰਤਵ ਗੁਣਾਂ, ਨੈੱਟਵਰਕਿੰਗ ਅਤੇ ਸੰਵਾਦ ਕੌਸ਼ਲ ਨੂੰ ਵਿਕਸਤ ਕਰਨ ਲਈ ਤਿਆਰ ਕੀਤੀ ਗਈ ਸੀ। ਜ਼ਿਲ੍ਹਾ ਪ੍ਰਧਾਨ ਰੋਟੇਰੀਅਨ ਡਾ. ਸੰਜੇ ਕਾਲਰਾ ਨੇ ਰੋਟਰੀ ਕਲੱਬ ਦੀ ਮਹੱਤਤਾ ਉੱਤੇ ਚਾਨਣ ਪਾਉਂਦੇ ਹੋਏ ਦੱਸਿਆ ਕਿ ਇਹ ਪ੍ਰੋਗਰਾਮ ਕਿਸ ਤਰ੍ਹਾਂ ਆਤਮਵਿਸ਼ਵਾਸ, ਦ੍ਰਿਸ਼ਟੀਕੋਣ ਰਾਹੀਂ ਭਵਿੱਖ ਦੇ ਨੇਤਾਵਾਂ ਨੂੰ ਸ਼ਕਲ ਦੇਣ ਵਿਚ ਸਹਾਇਕ ਹੈ। ਉਨ੍ਹਾਂ ਦੱਸਿਆ ਕਿ ਰੋਟਰੀ ਇੰਟਰਨੈਸ਼ਨਲ ਦੀਆਂ ਅਜਿਹੀਆਂ ਪਹਿਲਕਦਮੀਆਂ ਯੁਵਕਾਂ ਨੂੰ ਨਿੱਜੀ ਅਤੇ ਪੇਸ਼ੇਵਾਰ ਵਿਕਾਸ ਲਈ ਜ਼ਰੂਰੀ ਹੁਨਰ ਪ੍ਰਦਾਨ ਕਰਨ ਦਾ ਮੰਚ ਦਿੰਦੀ ਹਨ।
ਇਸ ਦੌਰਾਨ ਵਿਦਿਆਰਥੀਆਂ ਨੇ ਵੀ ਸਟੇਜ ਤੇ ਰੰਗਾਰੰਗ ਪ੍ਰੋਗਰਾਮਾਂ ਦੀ ਪੇਸ਼ਕਾਰੀ ਕੀਤੀ।ਇਸ ਵਿਚ ਗਿੱਧਾ, ਭੰਗੜਾ ਅਤੇ ਨੁੱਕੜ ਨਾਟਕ ਸ਼ਾਮਲ ਸਨ, ਜੋ ਕਿ ਮਹਿਲਾ ਸਸ਼ਕਤੀਕਰਨ ਅਤੇ ਨਸ਼ਾ ਮੁਕਤੀ ਵਰਗੇ ਸਮਾਜਿਕ ਮੁੱਦਿਆਂ 'ਤੇ ਕੇਂਦਰਿਤ ਸਨ। ਮੁੱਖ ਮਹਿਮਾਨ ਪ੍ਰੋਫੈਸਰ ਆਰ.ਕੇ. ਕੋਹਲੀ ਨੇ ਲੀਡਰਸ਼ਿਪ ਅਤੇ ਵਿਅਕਤੀਗਤ ਵਿਕਾਸ ਦੇ ਮਹੱਤਵ ਬਾਰੇ ਆਪਣੇ ਪ੍ਰੇਰਣਾਦਾਇਕ ਵਿਚਾਰ ਪੇਸ਼ ਕੀਤੇ। ਸ਼ੇਮਰੌਕ ਸਕੂਲ ਦੇ ਟਰੱਸਟੀ ਚੇਅਰਮੈਨ ਸ਼੍ਰੀ ਏ.ਐੱਸ. ਬਾਜਵਾ ਨੇ ਆਯੋਜਕਾਂ ਅਤੇ ਭਾਗੀਦਾਰਾਂ ਦੇ ਯਤਨਾਂ ਦੀ ਪ੍ਰਸ਼ੰਸਾ ਕੀਤੀ ਅਤੇ ਆਪਣੀ ਸ਼ੁੱਭਕਾਮਨਾਵਾਂ ਦਿੱਤੀਆਂ।