ਨੀਂਦ ਸਾਡੀ ਰੁਟੀਨ ਦਾ ਜ਼ਰੂਰੀ ਹਿੱਸਾ ਹੈ। ਚੰਗੀ ਨੀਂਦ ਤੋਂ ਬਿਨਾਂ ਚੰਗੀ ਸਿਹਤ ਦੀ ਕਲਪਨਾ ਨਹੀਂ ਕੀਤੀ ਜਾ ਸਕਦੀ। ਕੋਈ ਵੀ ਵਿਅਕਤੀ ਲੰਬੇ ਸਮੇਂ ਤਕ ਸੁੱਤੇ ਬਿਨਾਂ ਨਹੀਂ ਰਹਿ ਸਕਦਾ। ਪਰ ਮਿਥਿਹਾਸਕ ਮਾਨਤਾਵਾਂ ਅਨੁਸਾਰ, ਲਕਸ਼ਮਣ ਜੀ ਆਪਣੇ ਪੂਰੇ ਬਨਵਾਸ ਦੌਰਾਨ ਭਾਵ 14 ਸਾਲ ਤਕ ਨਹੀਂ ਸੁੱਤੇ। ਆਓ ਜਾਣਦੇ ਹਾਂ ਉਨ੍ਹਾਂ ਨੂੰ ਇਹ ਵਰਦਾਨ ਕਿਵੇਂ ਮਿਲਿਆ...
ਕਿਵੇਂ ਹੋਈ ਉਤਪਤੀ
ਨਿਦਰਾ ਦੇਵੀ ਦੀ ਉਤਪਤੀ ਦੀ ਕਥਾ ਮਾਰਕੰਡੇਯ ਪੁਰਾਣ 'ਚ ਮਿਲਦੀ ਹੈ ਜਿਸ ਅਨੁਸਾਰ ਨਿਦਰਾ ਦੇਵੀ ਦੀ ਉਤਪਤੀ ਬ੍ਰਹਿਮੰਡ ਦੀ ਰਚਨਾ ਤੋਂ ਪਹਿਲਾਂ ਹੋਈ ਸੀ। ਕਥਾ ਅਨੁਸਾਰ ਜਦੋਂ ਭਗਵਾਨ ਵਿਸ਼ਨੂੰ ਯੋਗ ਨਿਦਰਾ 'ਚ ਸਨ ਤੇ ਚਾਰੇ ਪਾਸੇ ਪਾਣੀ ਹੀ ਪਾਣੀ ਸੀ ਤਦ ਭਗਵਾਨ ਵਿਸ਼ਨੂੰ ਦੀ ਨਾਭੀ ਤੋਂ ਬ੍ਰਹਮਾ ਜੀ ਦਾ ਜਨਮ ਹੋਇਆ। ਇਸ ਦੌਰਾਨ ਭਗਵਾਨ ਵਿਸ਼ਨੂੰ ਦੀ ਕੰਨਾਂ ਦੀ ਮੈਲ ਤੋਂ ਮਧੂ ਤੇ ਕੈਟਭ ਨਾਂ ਦੇ ਦੋ ਰਾਖਸ਼ ਵੀ ਪੈਦਾ ਹੋਏ ਜੋ ਬ੍ਰਹਮਾ ਜੀ ਨੂੰ ਖਾਣ ਲਈ ਦੌੜ ਪਏ। ਉਦੋਂ ਬ੍ਰਹਮਾ ਜੀ ਨੇ ਭਗਵਾਨ ਵਿਸ਼ਨੂੰ ਤੋਂ ਮਦਦ ਮੰਗੀ ਪਰ ਉਹ ਯੋਗ ਨਿਦਰਾ 'ਚ ਸਨ। ਤਦ ਬ੍ਰਹਮਾ ਜੀ ਨੇ ਯੋਗਮਾਯਾ ਦੀ ਸਤੁਤੀ ਕੀਤੀ ਜਿਸ ਨਾਲ ਵਿਸ਼ਨੂੰ ਜੀ ਦੀਆਂ ਅੱਖਾਂ ਤੋਂ ਯੋਗਮਾਯਾ ਦਾ ਜਨਮ ਹੋਇਆ। ਇਸ ਕਾਰਨ ਭਗਵਾਨ ਵਿਸ਼ਨੂੰ ਨੀਂਦ ਤੋਂ ਜਾਗ ਪਏ ਤੇ ਰਾਖਸ਼ਾਂ ਨੂੰ ਮਾਰ ਕੇ ਬ੍ਰਹਮਾ ਜੀ ਦੇ ਪ੍ਰਾਣ ਬਚਾਏ। ਇਸ ਯੋਗਮਾਯਾ ਨੂੰ ਨਿਦਰਾ ਦੇਵੀ ਵਜੋਂ ਜਾਣਿਆ ਜਾਂਦਾ ਹੈ।
ਲਕਸ਼ਮਣ ਨੂੰ ਦਿੱਤਾ ਸੀ ਇਹ ਵਰਦਾਨ
ਮੰਨਿਆ ਜਾਂਦਾ ਹੈ ਕਿ ਜਦੋਂ ਭਗਵਾਨ ਰਾਮ, ਲਕਸ਼ਮਣ ਤੇ ਸੀਤਾ ਜੀ ਬਨਵਾਸ ਲਈ ਗਏ ਤਾਂ ਪਹਿਲੀ ਰਾਤ ਲਕਸ਼ਮਣ ਜੀ ਨੇ ਸੁਪਨੇ 'ਚ ਨਿਦਰਾ ਦੇਵੀ ਨੂੰ ਦੇਖਿਆ। ਉਸ ਨੇ ਲਕਸ਼ਮਣ ਨੂੰ ਵਰਦਾਨ ਮੰਗਣ ਲਈ ਕਿਹਾ। ਲਕਸ਼ਮਣ ਨੇ ਵਰਦਾਨ ਵਜੋਂ ਕਿਹਾ ਕਿ ਉਹ ਆਪਣੇ 14 ਸਾਲ ਦੇ ਬਨਵਾਸ ਦੌਰਾਨ ਨਹੀਂ ਸੌਂਣਾ ਚਾਹੁੰਦੇ ਤਾਂ ਜੋ ਉਹ ਰਾਮ ਤੇ ਸੀਤਾ ਜੀ ਦੀ ਰਾਖੀ ਕਰ ਸਕੇ। ਬਦਲੇ 'ਚ ਨਿੰਦਰਾ ਦੇਵੀ ਨੇ ਲਕਸ਼ਮਣ ਦੀ ਨੀਂਦ ਆਪਣੀ ਪਤਨੀ ਉਰਮਿਲਾ ਨੂੰ ਦੇ ਦਿੱਤੀ।
ਕੀ ਹੈ ਮਾਨਤਾ
ਕਿਹਾ ਜਾਂਦਾ ਹੈ ਕਿ ਜੇਕਰ ਨਿਦਰਾ ਦੇਵੀ ਕਿਸੇ 'ਤੇ ਪ੍ਰਸੰਨ ਹੁੰਦੀ ਹੈ ਤਾਂ ਉਸ ਨੂੰ ਆਪਣੇ ਸੁਪਨਿਆਂ 'ਚ ਭਵਿੱਖ ਦੀਆਂ ਘਟਨਾਵਾਂ ਦੇਖਣ ਦੀ ਤਾਕਤ ਮਿਲਦੀ ਹੈ। ਇਹ ਵੀ ਮੰਨਿਆ ਜਾਂਦਾ ਹੈ ਕਿ ਦੇਵੀ ਨਿਦਰਾ ਦੇ ਮੰਤਰ ਦਾ ਜਾਪ ਕਰਨ ਨਾਲ ਵਿਅਕਤੀ ਨੂੰ ਗੂੜ੍ਹੀ ਨੀਂਦ ਆਉਂਦੀ ਹੈ ਤੇ ਉਹ ਭੈੜੇ ਸੁਪਨਿਆਂ ਤੋਂ ਪਰੇਸ਼ਾਨ ਨਹੀਂ ਹੁੰਦਾ।
ਨਿਦਰਾ ਦੇਵੀ ਦਾ ਮੰਤਰ
अगस्तिर्माघवशचैव मुचुकुन्दे महाबलः
कपिलो मुनिरास्तीक: पंचैते सुखशायिनः
वाराणस्यां दक्षिणे तु कुक्कुटो नाम वै द्विजः
तस्य स्मरणमात्रेण दु:स्वपन: सुखदो भवेत्