ਜੈਪੁਰ। ਸ਼ੁੱਕਰਵਾਰ ਸਵੇਰੇ ਜੈਪੁਰ 'ਚ ਅਜਮੇਰ ਹਾਈਵੇ 'ਤੇ ਦਿੱਲੀ ਪਬਲਿਕ ਸਕੂਲ ਦੇ ਸਾਹਮਣੇ ਐਲਪੀਜੀ ਗੈਸ ਨਾਲ ਭਰੇ ਟੈਂਕਰ 'ਚ ਧਮਾਕਾ ਹੋ ਗਿਆ। ਇਸ ਹਾਦਸੇ 'ਚ 11 ਲੋਕ ਜ਼ਿੰਦਾ ਸੜ ਗਏ ਅਤੇ 33 ਲੋਕ ਝੁਲਸ ਗਏ। ਗੈਸ ਟੈਂਕਰ ਨੂੰ ਟਰੱਕ ਨੇ ਟੱਕਰ ਮਾਰ ਦਿੱਤੀ। ਇਸ ਕਾਰਨ ਟੈਂਕਰ ਤੋਂ ਗੈਸ ਲੀਕ ਹੋ ਗਈ, ਜੋ 200 ਮੀਟਰ ਤੱਕ ਫੈਲ ਗਈ, ਜਿਸ ਨੂੰ ਅਚਾਨਕ ਅੱਗ ਲੱਗ ਗਈ। ਹੌਲੀ-ਹੌਲੀ ਅੱਗ ਇੱਕ ਕਿਲੋਮੀਟਰ ਤੱਕ ਫੈਲ ਗਈ।
ਜਾਣਕਾਰੀ ਮੁਤਾਬਕ ਟੈਂਕਰ ਸਵੇਰੇ ਕਰੀਬ ਅਜਮੇਰ ਤੋਂ ਜੈਪੁਰ ਵੱਲ ਆ ਰਿਹਾ ਸੀ। ਸਵੇਰੇ ਕਰੀਬ 5.44 ਵਜੇ ਉਹ ਦਿੱਲੀ ਪਬਲਿਕ ਸਕੂਲ ਦੇ ਸਾਹਮਣੇ ਤੋਂ ਅਜਮੇਰ ਵੱਲ ਯੂ-ਟਰਨ ਲੈ ਰਿਹਾ ਸੀ। ਇਸ ਦੌਰਾਨ ਜੈਪੁਰ ਵੱਲੋਂ ਆ ਰਹੇ ਇੱਕ ਟਰੱਕ ਦੀ ਟੈਂਕਰ ਨਾਲ ਟੱਕਰ ਹੋ ਗਈ। ਇਸ ਨਾਲ ਪੂਰਾ ਇਲਾਕਾ ਅੱਗ ਦਾ ਗੋਲਾ ਬਣ ਗਿਆ।
40 ਤੋਂ ਵੱਧ ਗੱਡੀਆਂ ਨੂੰ ਅੱਗ ਲੱਗ ਗਈ। ਬਹੁਤ ਸਾਰੇ ਲੋਕਾਂ ਨੂੰ ਬਾਹਰ ਜਾਣ ਦਾ ਮੌਕਾ ਨਹੀਂ ਮਿਲਿਆ। ਟੈਂਕਰ ਦੇ ਪਿੱਛੇ ਚੱਲ ਰਹੀ ਇੱਕ ਸਲੀਪਰ ਬੱਸ ਅਤੇ ਹਾਈਵੇਅ ਦੇ ਕਿਨਾਰੇ ਸਥਿਤ ਇੱਕ ਪਾਈਪ ਫੈਕਟਰੀ ਵੀ ਸੜ ਗਈ। ਇਸ ਤੋਂ ਬਾਅਦ ਹਾਈਵੇਅ ਨੂੰ ਬੰਦ ਕਰ ਦਿੱਤਾ ਗਿਆ। ਧਮਾਕੇ ਤੋਂ ਬਾਅਦ ਗੈਸ ਫੈਲਣ ਕਾਰਨ ਬਚਾਅ 'ਚ ਕਾਫੀ ਮੁਸ਼ਕਲ ਆਈ।